BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਗ਼ਜ਼ਲ ਮੰਚ ਸਰੀ ਵੱਲੋਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਵਸ’ ਨੂੰ ਸਮਰਪਿਤ ਵਿਸ਼ੇਸ਼ ਇਕੱਤਰਤਾ
British Columbia 🇮🇳 ਪੰਜਾਬੀ

ਗ਼ਜ਼ਲ ਮੰਚ ਸਰੀ ਵੱਲੋਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਵਸ’ ਨੂੰ ਸਮਰਪਿਤ ਵਿਸ਼ੇਸ਼ ਇਕੱਤਰਤਾ

🔄 Updated: February 24, 2026 ⏱ 1 min read
ਗ਼ਜ਼ਲ ਮੰਚ ਸਰੀ ਵੱਲੋਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਵਸ’ ਨੂੰ ਸਮਰਪਿਤ ਵਿਸ਼ੇਸ਼ ਇਕੱਤਰਤਾ

ਸਰੀ, 23 ਫਰਵਰੀ (ਹਰਦਮ ਮਾਨ)- ‘ਗ਼ਜ਼ਲ ਮੰਚ ਸਰੀ’ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ‘ਤੇ ਇੱਕ ਪ੍ਰਭਾਵਸ਼ਾਲੀ ਮੀਟਿੰਗ ਕੀਤੀ, ਜਿਸ ਵਿੱਚ ਮਾਂ ਬੋਲੀ ਦੀ ਅਹਿਮੀਅਤ, ਇਤਿਹਾਸਕ ਪ੍ਰਸੰਗ ਅਤੇ ਅਜੋਕੇ ਦੌਰ ਦੀਆਂ ਚੁਣੌਤੀਆਂ ‘ਤੇ ਗੰਭੀਰ ਵਿਚਾਰ-ਚਰਚਾ ਕੀਤੀ ਗਈ। ਇਸ ਵਿਸ਼ੇਸ਼ ਮੀਟਿੰਗ ਦੌਰਾਨ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦੇ ਵਿਸ਼ਵਵਿਆਪੀ ਪਸਾਰ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਮੀਟਿੰਗ ਦੀ ਸ਼ੁਰੂਆਤ ਕਰਦਿਆਂ ਪ੍ਰਸਿੱਧ ਸ਼ਾਇਰ ਇੰਦਰਜੀਤ ਧਾਮੀ ਨੇ ਭਾਸ਼ਾ ਦੇ ਗਤੀਸ਼ੀਲ ਸਰੂਪ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਾਸ਼ਾ ਕੋਈ ਖੜੋਤ ਵਾਲੀ ਵਸਤੂ ਨਹੀਂ ਸਗੋਂ ਇਹ ਵਗਦੇ ਦਰਿਆ ਵਾਂਗ ਹੈ ਜੋ ਸਮੇਂ ਦੇ ਨਾਲ ਨਵੇਂ ਸ਼ਬਦਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਰਹਿੰਦੀ ਹੈ। ਉਨ੍ਹਾਂ ਇਤਿਹਾਸਕ ਹਵਾਲਾ ਦਿੰਦਿਆਂ ਕਿਹਾ ਕਿ ਮੁਗਲਾਂ ਦੇ ਹਜ਼ਾਰ ਸਾਲ ਦੇ ਰਾਜ ਕਾਲ ਅਤੇ ਅੰਗਰੇਜ਼ੀ ਹਕੂਮਤ ਦੌਰਾਨ ਪੰਜਾਬੀ ਨੂੰ ਖਤਮ ਕਰਨ ਦੇ ਅਨੇਕਾਂ ਯਤਨ ਹੋਏ ਪਰ ਇਹ ਬੋਲੀ ਆਪਣੀ ਅਮੀਰ ਵਿਰਾਸਤ ਸਦਕਾ ਅੱਜ ਦੁਨੀਆਂ ਦੇ ਕੋਨੇ-ਕੋਨੇ ਵਿੱਚ ਗੂੰਜ ਰਹੀ ਹੈ। ਅੱਜ 18 ਕਰੋੜ ਤੋਂ ਵੱਧ ਲੋਕਾਂ ਦਾ ਪੰਜਾਬੀ ਬੋਲਣਾ ਇਸ ਦੀ ਅਜਿੱਤ ਸ਼ਕਤੀ ਦਾ ਪ੍ਰਤੀਕ ਹੈ।

Advertisement

ਸ਼ਾਇਰ ਰਾਜਵੰਤ ਰਾਜ ਨੇ ਮਾਂ ਬੋਲੀ ਨੂੰ ‘ਮਿੱਟੀ ਦੀ ਭਾਸ਼ਾ’ ਵਜੋਂ ਪਰਿਭਾਸ਼ਿਤ ਕੀਤਾ। ਉਨ੍ਹਾਂ ਇੱਕ ਬਹੁਤ ਹੀ ਢੁਕਵੀਂ ਮਿਸਾਲ ਦਿੰਦਿਆਂ ਕਿਹਾ ਕਿ ਜਿਵੇਂ ਪੰਜਾਬ ਵਿੱਚ ਆਏ ਗੈਰ-ਪੰਜਾਬੀ ਮਜ਼ਦੂਰਾਂ ਦੇ ਬੱਚੇ ਉੱਥੋਂ ਦੇ ਵਾਤਾਵਰਣ ਵਿੱਚ ਰਚ-ਮਿਚ ਕੇ ਪੰਜਾਬੀ ਬੋਲਣ ਲੱਗ ਪੈਂਦੇ ਹਨ, ਉਸੇ ਤਰ੍ਹਾਂ ਕੈਨੇਡਾ ਵਿੱਚ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਦਾ ਅੰਗਰੇਜ਼ੀ ਨਾਲ ਜੁੜਨਾ ਸੁਭਾਵਿਕ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਾਨੂੰ ਵਾਤਾਵਰਣ ਅਨੁਸਾਰ ਭਾਸ਼ਾਈ ਤਬਦੀਲੀਆਂ ਨੂੰ ਸਮਝਣਾ ਪਵੇਗਾ।

ਦਵਿੰਦਰ ਗੌਤਮ ਨੇ ਭਾਸ਼ਾ ਨੂੰ ਮਨੁੱਖੀ ਜੀਵਨ ਦਾ ਅਟੁੱਟ ਅੰਗ ਦੱਸਦਿਆਂ ਕਿਹਾ ਕਿ ਮਾਂ ਬੋਲੀ ਸਾਡੀ ਰੂਹ ਦੀ ਧੜਕਣ ਹੈ। ਸਾਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਸਿਰਫ਼ ਦਿਖਾਵੇ ਲਈ ਨਹੀਂ, ਸਗੋਂ ਇਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ। ਇਸੇ ਵਿਚਾਰ ਨੂੰ ਅੱਗੇ ਤੋਰਦਿਆਂ ਹਰਦਮ ਮਾਨ ਨੇ ਕਿਹਾ ਮਨੁੱਖ ਆਪਣੇ ਜਜ਼ਬਾਤਾਂ, ਦੁੱਖਾਂ ਅਤੇ ਸੁੱਖਾਂ ਦਾ ਸਭ ਤੋਂ ਪ੍ਰਭਾਵਸ਼ਾਲੀ ਤੇ ਸਪੱਸ਼ਟ ਪ੍ਰਗਟਾਵਾ ਕੇਵਲ ਆਪਣੀ ਮਾਂ ਬੋਲੀ ਵਿੱਚ ਹੀ ਕਰ ਸਕਦਾ ਹੈ। ਕੋਈ ਵੀ ਹੋਰ ਭਾਸ਼ਾ ਉਹ ਨਿੱਘ ਨਹੀਂ ਦੇ ਸਕਦੀ ਜੋ ਮਾਂ ਬੋਲੀ ਦੇ ਸ਼ਬਦਾਂ ਵਿੱਚ ਹੁੰਦਾ ਹੈ।

ਅੰਗਰੇਜ਼ ਬਰਾੜ ਨੇ ਇੱਕ ਅਹਿਮ ਪੱਖ ਰੱਖਦਿਆਂ ਕਿਹਾ ਕਿ ਕੈਨੇਡਾ ਵਰਗੇ ਮੁਲਕ ਵਿੱਚ ਪੰਜਾਬੀ ਹੁਣ ਸਿਰਫ਼ ਘਰਾਂ ਦੀ ਬੋਲੀ ਨਹੀਂ ਰਹੀ ਸਗੋਂ ਇਹ ਰੁਜ਼ਗਾਰ ਦੀ ਭਾਸ਼ਾ ਬਣ ਚੁੱਕੀ ਹੈ। ਉਸ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਬੋਲੀ ਦਾ ਵਿਕਾਸ ਅਤੇ ਪਸਾਰ ਜਾਰੀ ਰਹੇ ਤਾਂ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਲਾਜ਼ਮੀ ਹੈ।

ਸ਼ਾਇਰ ਜਸਵਿੰਦਰ ਨੇ ਕਿਹਾ ਕਿ ਮਾਂ ਬੋਲੀ ਸਿਰਫ਼ ਸੰਚਾਰ ਦਾ ਸਾਧਨ ਨਹੀਂਸਗੋਂ ਸਾਡੀ ਸੱਭਿਆਚਾਰਕ ਹੋਂਦ ਦੀ ਪਛਾਣ ਹੈ। ਉਸ ਅਨੁਸਾਰ ਜੇਕਰ ਅਸੀਂ ਆਪਣੀ ਸ਼ਾਇਰੀ ਅਤੇ ਸਾਹਿਤ ਰਾਹੀਂ ਨਵੀਂ ਪੀੜ੍ਹੀ ਨੂੰ ਉੱਚ-ਪਾਏ ਦਾ ਪੰਜਾਬੀ ਅਦਬ ਪ੍ਰਦਾਨ ਕਰਾਂਗੇ ਤਾਂ ਹੀ ਉਹ ਆਪਣੀ ਵਿਰਾਸਤ ਨਾਲ ਮਾਣ ਨਾਲ ਜੁੜ ਸਕਣਗੇ। ਦਸ਼ਮੇਸ਼ ਗਿੱਲ ਫਿਰੋਜ਼ ਨੇ ਪੰਜਾਬੀ ਭਾਸ਼ਾ ਦੇ ਲਚੀਲੇਪਣ ਅਤੇ ਇਸ ਦੇ ਵਿਸ਼ਵ-ਵਿਆਪੀ ਪ੍ਰਭਾਵ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਪੰਜਾਬੀ ਇੱਕ ਅਜਿਹੀ ਬੋਲੀ ਹੈ ਜਿਸ ਨੇ ਹਰ ਮਾਹੌਲ ਵਿੱਚ ਆਪਣੀ ਜਗ੍ਹਾ ਬਣਾਈ ਹੈ। ਕੈਨੇਡਾ ਵਰਗੇ ਮੁਲਕ ਵਿੱਚ ਪੰਜਾਬੀ ਦਾ ਵਧਦਾ ਪ੍ਰਭਾਵ ਸਾਡੇ ਲਈ ਮਾਣ ਵਾਲੀ ਗੱਲ ਹੈ ਪਰ ਇਸ ਦੇ ਸ਼ੁੱਧ ਸਰੂਪ ਨੂੰ ਸੰਭਾਲਣਾ ਵੀ ਸਾਡੀ ਹੀ ਜ਼ਿੰਮੇਵਾਰੀ ਹੈ।

ਸੁਖਜੀਤ ਹੁੰਦਲ ਨੇ ਮਾਂ ਬੋਲੀ ਦੇ ਮਨੋਵਿਗਿਆਨਕ ਪੱਖ ‘ਤੇ ਜ਼ੋਰ ਦਿੱਤਾ। ਉਸ ਦਾ ਵਿਚਾਰ ਸੀ ਕਿ ਮਾਂ ਬੋਲੀ ਬੱਚੇ ਦੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਸ ਨੇ ਕਿਹਾ ਸਾਹਿਤਕ ਸੰਸਥਾਵਾਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਨਾਲ ਨੌਜਵਾਨਾਂ ਵਿੱਚ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਰੁਚੀ ਹੋਰ ਪ੍ਰਬਲ ਹੋਵੇ। ਸਮਾਗਮ ਦੌਰਾਨ ਅਭਿਸ਼ੇਕ ਨੇ ਆਪਣੇ ਸੁਰੀਲੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸਭ ਨੂੰ ਮੰਤਰ-ਮੁਗਧ ਕਰ ਦਿੱਤਾ। 

ਹਰਦਮ ਮਾਨ 

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

ਫੋਨ: +1 604 308 6663 

ਈਮੇਲ : maanbabushahi@gmail.com

Related Stories
Advertisement
Related Stories